ਅੱਜ ਕਦੀ ਕਦੀ ਬੈਠਾ ਸੋਚਦਾਂ ਜਦੋਂ ਮੈਂ ਬਚਪਨ ਨੂੰ ਅਲਵਿਦਾ ਕਹਿ ਜਵਾਨ ਹੋਣ ਲਈ ਕਦਮ ਚੁੱਕਿਆ
ਤਾਂ ਕੀ ਓਦੋਂ ਏਹੀ ਦੇਸ਼ ਸੀ ਜਿਸ ਵਿੱਚ ਏਸ ਉਮਰੇ ਮੈਂ ਸਾਹ ਲੈ ਰਿਹਾਂ ਮਾਫ਼ ਕਰਨਾ! ਸਾਹ ਲੈ ਨਹੀਂ ਰਿਹਾ
ਬੱਸ ਕੋਸ਼ਿਸ਼ ਕਰ ਰਿਹਾਂ...??
ਓਦੋਂ ਜੰਗਾਂ ਦਾ ਮਾਹੌਲ ਸੀ 1962 ਤਾਂ ਯਾਦ ਨਹੀਂ ਕਿਉਂ ਜੁ ਓਦੋਂ ਚਾਰ ਕੁ ਸਾਲਾਂ ਦਾ ਸਾਂ। ਪਰ 1965 ਦੀ ਜੰਗ ਥੋੜ੍ਹੀ ਯਾਦ ਹੈ ਜਦੋਂ ਮੇਰੇ ਬਾਪੂ ਜੀ (ਪਿਤਾ) ਪੈਨਸ਼ਨੀ ਛੁੱਟੀ 'ਤੇ ਸਨ ਤੇ ਇੱਕ ਫੌਜੀ ਜੀਪ ਸਾਡੇ ਛਾਉਣੀ ਵਾਲੇ ਘਰ ਅੱਗੇ ਆ ਖੜੋਤੀ ਤੇ ਫੌਜੀ ਡਰਾਈਵਰ ਨੇ ਮੇਰੇ ਬਾਪੂ ਜੀ ਨੂੰ ਸਲੂਟ ਮਾਰ ਕੁਝ ਕਿਹਾ ਤਾਂ ਬਾਪੂ ਜੀ ਮੁੜ ਰਸਾਲਦਾਰ (ਸੂਬੇਦਾਰ) ਵਾਲੀ ਵਰਦੀ ਪਾ ਜੀਪ ਵਿੱਚ ਬੈਠ ਗਏ। ਮੇਰੀ ਬੀਬੀ (ਮਾਂ) ਅੰਦਰੋਂ ਭੱਜੀ ਆਈ ਜੋ ਪੋਣੇ 'ਚ ਕੁਝ ਪਰੌਂਠੇ ਲਪੇਟ ਕੇ ਲਿਆਈ ਸੀ। ਬੀਬੀ ਦੱਸਦੀ ਹੁੰਦੀ ਸੀ ਕਿ ਮੈਂ ਕਿਹਾ - ਚਾਂਦੀ ਦੇ ਬਾਪੂ ਏਹ ਲੈਜੋ ਤੁਸੀਂ ਅਜੇ ਖਾਧਾ ਵੀ ਕੁਝ ਨਹੀਂ। ਪਰ ਤੇਰੇ ਬਾਪੂ ਜੀ ਕਹਿੰਦੇ ਏਹ ਰੱਖ ਤੁਹਾਡੇ ਲਈ ਛੱਡ ਕੇ ਜਾ ਰਿਹਾਂ ਫੇਰ ਤੁਹਾਨੂੰ ਮਿਲੇ ਨਾ ਮਿਲੇ। ਪਰ ਓਹ ਡਰੈਵਰ ਡੈਡੀ (ਡਰਾਈਵਰ ਹਰਜੀਤ ਸਿੰਘ ਜਿਸਨੂੰ ਡੈਡੀ ਇਸ ਲਈ ਆਖਦੇ ਸਨ ਕਿਉਂਕਿ ਓਹ ਰਜਮੈਂਟ ਦੀ ਫੁੱਟਬਾਲ ਟੀਮ ਦਾ ਗੋਲਕੀਪਰ ਸੀ ਤੇ ਗੋਲ ਨਹੀਂ ਸੀ ਹੋਣ ਦਿੰਦਾ, ਤੇ ਓਹ ਟੀਮੀ ਪਰਿਵਾਰ ਦਾ ਡੈਡੀ ਸੀ। ਇਹ ਉੱਪ ਨਾਮ ਉਸਨੂੰ ਰਜਮੈਂਟ ਦੇ ਮੁਖੀ ਨੇ ਦਿੱਤਾ ਸੀ) ਕਹਿੰਦਾ - ਰੱਖ ਲੋ ਸਾਬ੍ਹ ਫੇਰ ਪਤਾ ਨਹੀਂ ਕਦੋਂ ਘਰ ਦੇ ਪਰੌਂਠੇ ਮਿਲਣ? ਓਥੇ ਤਾਂ ਇਲਮ ਦੀਨ ਲਾਂਗਰੀ ਦੀਆਂ ਸੁੱਕੀਆਂ ਰੋਟੀਆਂ ਹੀ ਮਿਲਣੀਆਂ। ਫੇਰ ਤੇਰੇ ਬਾਪੂ ਜੀ ਉੱਚੀ ਦੇਣੀਂ ਹੱਸੇ ਤੇ ਮੇਰੇ ਹੱਥੋਂ ਪਰੌਠਿਆਂ ਵਾਲਾ ਪੋਣਾ ਫੜ ਡੈਡੀ ਨੂੰ ਫੜਾ ਦਿੱਤਾ "
ਅੱਜ ਇਹੋ ਸੋਚਦਾਂ ਕਿ ਜਿਹੜੀ ਫੌਜ ਪਾਕਿਸਤਾਨ ਨਾਲ ਜੰਗ ਲੜਣ ਜਾ ਰਹੀ ਸੀ ਉਸ ਫੌਜ ਨੂੰ ਰੋਟੀ ਖੁਆਂਉਦੇ ਇਲਮ ਦੀਨ ਨੂੰ ਅੱਜ ਕਿਉਂ ਨਹੀਂ ਯਾਦ ਕੀਤਾ ਜਾਂਦਾ। ਅਚਾਨਕ ਅੱਜ ਹਰ ਮੁਸਲਮਾਨ ਦੇਸ਼ਦ੍ਰੋਹੀ ਕਿਉਂ ਹੋ ਗਿਆ। ਓਦੋਂ ਵੀ ਜੰਗ ਜਿੱਤ ਕੇ ਆਏ ਸੀ ਤੇ ਬਾਪੂ ਜੀ ਨੇ ਆਕੇ ਦੱਸਿਆ ਕਿ ਡੈਡੀ ਦੀਆਂ ਦੋਵੇਂ ਬਾਹਾਂ ਉਡ ਗਈਆਂ ਜਿਨ੍ਹਾਂ ਨਾਲ ਓਹ ਗੋਲ ਰੋਕਦਾ ਸੀ ਪਰ ਗੋਲਾ ਨਾ ਰੋਕ ਸਕਿਆ ਤੇ ਉਨ੍ਹਾਂ ਦੇ ਕਾਫੀ ਪਿੱਛੇ ਲੁਕਵੇਂ ਮੋਰਚੇ ਵਿੱਚ ਬਣਾਏ ਲੰਗਰ ਉੱਪਰ ਵੀ ਇੱਕ ਗੋਲਾ ਡਿੱਗਿਆ। ਸਭ ਲਾਂਗਰੀ ਮਾਰੇ ਗਏ ਤੇ ਇਲਮ ਦੀਨ ਵੀ। ਮੈਨੂੰ ਸੱਚੀਂ ਸਾਹ ਔਖੇ ਆਉਣ ਲੱਗ ਪੈਦੇ ਹਨ ਜਦੋਂ ਇੰਝ ਸੋਚਦਾਂ।
ਚੇਤਾ ਆਉਂਦਾ ਅਸੀਂ ਜਦੋਂ ਸਭ ਪਹਿਲਾਂ ਨਾਭੇ ਤੇ ਫੇਰ ਪਟਿਆਲੇ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਨਾਲ ਹਰ ਧਰਮ ਦੇ ਵਿਦਿਆਰਥੀ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਾਨੂੰ ਰਤਾ ਵੀ ਕਿਸੇ ਧਰਮ ਬਾਰੇ ਨਹੀਂ ਸੀ ਪਤਾ ਹੁੰਦਾ। ਨਾ ਮੇਰੇ ਬਾਪੂ ਜੀ ਜੋ ਪਾਕਿਸਤਾਨ ਨਾਲ ਜੰਗਾਂ ਲੜ ਚੁੱਕੇ ਸਨ ਨਾ ਮੇਰੀ ਬੀਬੀ ਨੇ ਮੈਨੂੰ ਕਦੀ ਕਹਿਣਾ ਕਿ ਤੂੰ ਓਹਦੇ ਨਾਲ ਨਹੀਂ ਖੇਡਣਾ ਤੂੰ ਓਹਦੇ ਨਾਲ ਨਹੀਂ ਜਾਣਾ। ਸਗੋਂ ਮੇਰੇ ਨਾਲ ਮੁਸਲਿਮ, ਇਸਾਈ ਤੇ ਦਲਿੱਤ (ਹੁਣ ਚੇਤੇ ਆ ਰਹੇ ਨੇ ਉਨ੍ਹਾਂ ਦੇ ਧਰਮ ਤੇ ਜਾਤਿ ਪਰ ਓਦੋਂ ਨਹੀਂ ਸੀ ਆਉਂਦੇ... ਪਤਾ ਨਹੀਂ ਸੀ ਹੁੰਦਾ ਪਰ ਬਾਪੂ ਜੀ ਨਾਵਾਂ ਤੋਂ ਸਮਝ ਲੈਂਦੇ ਸਨ) ਘਰ ਰੋਟੀ ਖਾਂਦੇ ਸਗੋਂ ਬਾਪੂ ਜੀ ਮੇਰੇ ਨਾਲੋਂ ਉਨ੍ਹਾਂ ਵੱਲ ਜਿਆਦਾ ਧਿਆਨ ਦਿੰਦੇ। ਇੱਕ ਵਾਰ ਖੀਰ ਖਾਣ ਲੱਗਿਆਂ ਅਸਲਮ ਨੇ ਹੋਰ ਮੰਗ ਲਈ। ਹੋਰ ਖੀਰ ਨਹੀਂ ਸੀ ਤੇ ਬਾਪੂ ਜੀ ਨੇ ਮੇਰੇ ਵਾਲੀ ਕੌਲੀ ਚੁੱਕ ਓਹਨੂੰ ਫੜਾ ਦਿੱਤੀ। ਮੈਂ ਬਾਪੂ ਜੀ ਵੱਲ ਵੇਖਿਆ ਉਨ੍ਹਾਂ ਘੂਰ ਦਿੱਤਾ।
ਮੈਂ ਵੀ ਬੜੀ ਵਾਰੀਂ ਉਨ੍ਹਾਂ ਦੇ ਘਰ ਜਾਕੇ ਰੋਟੀ ਖਾ ਕੇ ਆਇਆ। ਮੈਨੂੰ ਵੀ ਉਨ੍ਹਾਂ ਦੇ ਘਰੀਂ ਉਨ੍ਹਾਂ ਤੋਂ ਜਿਆਦਾ ਪਿਆਰ ਮਿਲਿਆ।
ਸੋ ਅੱਜ ਸਾਹ ਏਸ ਲਈ ਵੀ ਕਦੀ-ਕਦੀ ਔਖਾ ਆਉਂਦਾ ਕਿ ਜੇ ਅੱਜ ਮੇਰੇ ਬਾਪੂ ਜੀ ਜਿਊਂਦੇ ਹੁੰਦੇ ਤਾਂ ਓਹ ਕਿਵੇਂ ਸਾਹ ਲੈਂਦੇ ਜਦ ਕਿ ਮੈਂ ਹੀ ਸਾਹ ਲੈਣ ਵਿੱਚ ਮੁਸ਼ਕਿਲ ਮਹਿਸੂਸ ਕਰ ਰਿਹਾਂ। ਮੇਰੀ ਸਮਝ ਏਨੀ ਕੁ ਸੀ ਬਾਕੀ ਤੁਸੀਂ ਸਮਝ ਲੈਣਾ ਮੈਂ ਕੀ ਕਹਿਣਾ ਚਾਹ ਰਿਹਾਂ।
No comments:
Post a Comment