Translate

Sunday, August 18, 2024

 

ਇਸ ਵਾਰ ਮਿਲਦੇ ਹਾਂ ਬਲਦੇਵ ਕ੍ਰਿਸ਼ਨ ਸ਼ਰਮਾ ਨੂੰ , ਇੱਕ ਐਸਾ ਨੌਜਵਾਨ ਕਵੀ ਜਿਸਦੀ ਸਧਾਰਨ ਸ਼ੈਲੀ ਵਿੱਚ ਲਿਖੀ ਕਵਿਤਾ ਆਮ ਪਾਠਕ ਦੇ ਧੁਰ ਅੰਦਰ ਪਹੁੰਚ ਕਰਨ ਦਾ ਦਮਖ਼ਮ ਰੱਖਦੀ ਹੈ | ਬਲਦੇਵ ਕ੍ਰਿਸ਼ਨ ਦਾ ਜਨਮ 5 ਦਸੰਬਰ 1976 ਨੂੰ ਅਮ੍ਰਿਤਸਰ ਜਿਲ੍ਹੇ ਦੇ ਕਸਬਾ ਰਈਆ ਵਿੱਚ ਹੋਇਆ | ਉਸਨੇ ਆਪਣੀ ਦਸਵੀਂ ਜਮਾਤ ਰਈਆ ਤੋਂ ਪਾਸ ਕੀਤੀ ਅਤੇ ਬਾਰਵੀਂ ਲਈ ਜੰਡਿਆਲਾ ਗੁਰੂ ਵਿਖੇ ਦਾਖ਼ਲਾ ਲੈ ਲਿਆ | ਭਾਵੇਂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਚਲਦਿਆਂ ਉਹ ਉਚੇਰੀ ਸਿੱਖਿਆ ਲਈ ਕਾਲਜ ਤਾਂ ਨਹੀਂ ਜਾ ਸਕਿਆ ਪਰ ਪੜ੍ਹਾਈ ਦੀ ਚਿਣਗ ਨੂੰ ਉਸਨੇ ਕਦੇ ਮੱਠੀ ਨਹੀਂ ਪੈਣ ਦਿੱਤਾ | ਜਲੰਧਰ, ਰਾਮਪੁਰ ਲੱਲੀਆਂ ਵਿਖੇ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਤੋਂ 1996-98 ਬੈਚ ਅਧੀਨ ਦੋ ਸਾਲਾ ੲੀ.ਟੀ.ਟੀ. ਕੋਰਸ ਪੂਰਾ ਕਰਕੇ ਪ੍ਰਾੲੀਵੇਟ ਵਿਦਿਆਰਥੀ ਵਜੋਂ ਬੀ.ੲੇ. ਦੀ ਡਿਗਰੀ ਮੁਕੰਮਲ ਕੀਤੀ ਤੇ ਫਿਰ ਪ੍ਰਾਇਮਰੀ ਅਧਿਅਪਕ ਵਜੋਂ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ। ਉਸਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਬੀ.ਐਡ. ਦਾ ਦੋ ਸਾਲਾ ਕੋਰਸ ਪੂਰਾ ਕਰਕੇ 2010 ਵਿੱਚ ਬਤੌਰ ਹਿੰਦੀ ਵਿਸ਼ਾ ਅਧਿਆਪਕ ਪਦਉੱਨਤੀ ਪ੍ਰਾਪਤ ਕੀਤੀ | ਬਲਦੇਵ ਕ੍ਰਿਸ਼ਨ ਦਾ ਕਾਵਿ ਸਫ਼ਰ 2016 ਵਿੱਚ ਸ਼ੁਰੂ ਹੋਇਆ | ਵਿਧਾ ਚੋਣ ਵੇਲੇ ਉਸਨੇ ਖੁੱਲੀ ਕਵਿਤਾ ਨੂੰ ਤਰਜੀਹ ਦਿੱਤੀ | ਉਸਨੂੰ ਲੱਗਿਆ ਕਿ ਖੁੱਲੀ ਕਵਿਤਾ ਇੱਕ ਖਿਆਲ ਨੂੰ ਢੁੱਕਵੇਂ ਸ਼ਬਦ ਚੋਣ ਰਾਹੀਂ ਨਿਭਾਉਣ ਵਿੱਚ ਜਿਆਦਾ ਸਹਾਈ ਹੁੰਦੀ ਹੈ | ਉਸਦਾ ਕਾਵਿ ਸਫ਼ਰ ਬੇਸ਼ੱਕ ਛੋਟਾ ਹੈ , ਪਰ ਉਸਦਾ ਪੈਂਡਾ ਕਿਤੇ ਜਿਆਦਾ ਹੈ | ਉਹ ਕੋਹਲੂ ਦੇ ਬਲਦ ਵਾਂਗ ਇੱਕ ਹੀ ਕੇਂਦਰ ਬਿੰਦੂ ਦੇ ਆਸ ਪਾਸ ਨਹੀਂ ਘੁੰਮਦਾ ਬਲਕਿ ਹੌਲੀ ਹੌਲੀ ਆਪਣੀਆਂ ਮਿੱਥੀਆਂ ਦਿਸ਼ਾਵਾਂ ਵੱਲ ਸਹਿਜੇ ਸਹਿਜੇ ਕਦਮ ਵਧਾ ਰਿਹਾ ਹੈ | ਕਵਿਤਾ ਜਦੋ ਧੁਰ ਅੰਦਰੋਂ ਆਪ ਮੁਹਾਰੇ ਉੱਠਦੀ ਹੈ ਤਾਂ ਉਹ ਮਨ ਦੀਆਂ ਗਹਿਰਾਈਆਂ 'ਚ ਪਹੁੰਚਣ ਦੇ ਵਧੇਰੇ ਸਮਰੱਥ ਹੁੰਦੀ ਹੈ | ਉਂਜ ਵੀ ਕਵਿਤਾ ਦੀ ਵਿਧਾ ਭਾਵੇਂ ਕੋਈ ਵੀ ਹੋਵੇ ਪਰ ਜੇ ਉਹ ਲੋੜੀਂਦਾ ਅਸਰ ਛੱਡਣ ਵਿੱਚ ਨਾਕਾਮ ਹੈ ਤਾਂ ਉਹ ਸਿਰਫ਼ ਸ਼ਬਦ ਜਾਲ ਹੀ ਹੋ ਨਿੱਬੜਦੀ ਹੈ | ਅਜੋਕਾ ਪਾਠਕ ਰੁਝੇਵਿਆਂ ਭਰਭੂਰ ਜ਼ਿੰਦਗੀ ਵਿੱਚੋਂ ਕੁੱਝ ਪਲ ਕੱਢ ਕੇ ਕਵਿਤਾ ਦਾ ਲੁਤਫ ਲੈਣਾ ਚਾਹੁੰਦਾ ਹੈ | ਉਸ ਕੋਲ ਔਖੀ ਸ਼ਬਦਾਵਲੀ ਵਾਲੀ ਡੂੰਘੀ ਕਵਿਤਾ ਵਿੱਚ ਜਾਣ ਦੀ ਫੁਰਸਤ ਨਹੀਂ | ਉਹ ਕੁੱਝ ਅਜਿਹਾ ਭਾਲਦਾ ਹੈ ਜੋ ਇੱਕ ਸਾਰਥਕ ਅਤੇ ਸਪਸ਼ਟ ਸੁਨੇਹੇ ਦੇ ਨਾਲ ਨਾਲ ਸਿੱਧੇ ਦਿਲ ਉੱਤੇ ਅਸਰ ਕਰੇ | ਬਲਦੇਵ ਕ੍ਰਿਸ਼ਨ ਅੱਜ ਦਾ ਕਵੀ ਹੈ 'ਤੇ ਉਸਦੀ ਕਵਿਤਾ ਵਰਤਮਾਨ ਦੀ ਰਹਿਨੁਮਾਈ ਕਰਦੀ ਹੈ | ਉਸਦੇ ਹਰ ਸ਼ਬਦ ਵਿੱਚ ਹੰਢਾਈ ਵਿਹਾਰਕਤਾ ਅਤੇ ਸੱਚ ਦੀ ਪੁੱਠ ਹੈ

No comments:

Post a Comment